ਰੋਜ਼ਾਨਾ 24 ਨਿਊਜ਼, ਬਿਊਰੋ : 2015 ਦੇ ਬਰਗਾੜੀ ਬੇਅਦਬੀ ਮਾਮਲੇ ਵਿਚ ਚਾਰਜਸ਼ੀਟ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਵਿਵਾਦਤ ਪੋਸਟਰ ਲਗਾਉਣ ਤੇ ਪਵਿੱਤਰ ਸਰੂਪ ਦੀ ਬੇਅਦਬੀ ਦੇ ਮਾਮਲਿਆਂ ਵਿਚ ਸ਼ਨੀਵਾਰ ਨੂੰ ਸੀਜੇਐੱਮ ਮੋਨਿਕਾ ਲਾਂਬਾ ਦੀ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ। ਡੇਰਾ ਮੁਖੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਜ਼ਮਾਨਤ ਮਿਲ ਚੁੱਕੀ ਹੋਈ ਹੈ। ਇਸ ਮਾਮਲੇ ਵਿਚ ਉਸ ਨੇ ਹੇਠਲੀ ਅਦਾਲਤ ਵਿਚ ਜ਼ਮਾਨਤੀ ਬਾਂਡ ਵੀ ਭਰਿਆ ਹੋਇਆ ਹੈ। ਇਸ ਪਟੀਸ਼ਨ ਦੇ ਆਧਾਰ ’ਤੇ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ।
ਸੂਬਾ ਸਰਕਾਰ ਨੇ ਨੋਟਿਸ ਜਾਰੀ ਕਰਦਿਆਂ ਸੁਣਵਾਈ ਦੀ ਤਰੀਕ 9 ਮਈ ਤੈਅ ਕੀਤੀ ਹੈ। ਸਭ ਤੋਂ ਪਹਿਲਾਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਦੇ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਸੀ। ਇਸੇ ਸਾਲ 24 ਸਤੰਬਰ ਨੂੰ ਇਸ ਗੁਰਦੁਆਰੇ ਦੇ ਬਾਹਰ ਵਿਵਾਦਤ ਪੋਸਟਰ ਲਾਇਆ ਗਿਆ ਸੀ ਅਤੇ ਕੁਝ ਸਮੇਂ ਬਾਅਦ 12 ਅਕਤੂਬਰ 2015 ਨੂੰ ਪਿੰਡ ਬਰਗਾੜੀ ਦੇ ਗੁਰਦੁਆਰੇ ਦੇ ਬਾਹਰ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਸੀ। ਤਿੰਨਾਂ ਘਟਨਾਵਾਂ ਦੇ ਸੰਦਰਭ ਵਿਚ ਥਾਣਾ ਬਾਜਾਖਾਨਾ ਵਿਚ ਲੜੀਵਾਰ ਐੱਫਆਈਆਰ ਨੰਬਰ 63, 117 ਤੇ 128 ਦਰਜ ਕੀਤੀਆਂ ਗਈਆਂ, ਜਿਸ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਪੰਜਾਬ ਪੁਲਿਸ ਦੀ ਐੱਸਆਈਟੀ ਨੇ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਤਿੰਨ ਦਿਨ ਪਹਿਲਾਂ ਡੇਰਾ ਮੁਖੀ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਹੋਣਾ ਪਿਆ ਸੀ ਤੇ ਉਸੇ ਦਿਨ ਸਰੂਪ ਚੋਰੀ ਦੇ ਕੇਸ (ਐੱਫਆਈਆਰ ਨੰਬਰ 63) ਵਿਚ ਗੁਰਮੀਤ ਨੂੰ ਫ਼ਰੀਦਕੋਟ ਅਦਾਲਤ ਤੋਂ ਮਿਲੀ ਅਗਾਊਂ ਜ਼ਮਾਨਤ ਦੇ ਆਧਾਰ ’ਤੇ ਜ਼ਮਾਨਤੀ ਬਾਂਡ ਭਰਿਆ ਗਿਆ ਸੀ। ਡੇਰਾ ਮੁਖੀ ਗੁਰਮੀਤ ਨੇ ਹੁਣ ਬਾਕੀ ਦੋ ਮਾਮਲਿਆਂ (ਐੱਫਆਈਆਰ ਨੰਬਰ 117 ਤੇ 128) ਵਿਚ ਨਿਯਮਤ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ 9 ਮਈ ਨੂੰ ਹੋਵੇਗੀ।