ਜਲੰਧਰ : ਕੈਨੇਡਾ ਵਾਸੀ ਕਹਾਣੀਕਾਰ ਜਰਨੈਲ ਸਿੰਘ ਦੀ ਸਵੈ-ਜੀਵਨੀ ਪੁਸਤਕ ‘ਸੁਪਨੇ ਅਤੇ ਵਾਟਾਂ’ ਦਾ ਰਿਲੀਜ਼ ਸਮਾਗਮ ਅਤੇ ਵਿਚਾਰ ਗੋਸ਼ਟੀ ਅੱਜ ਪ੍ਰੈੱਸ ਕਲੱਬ, ਜਲੰਧਰ ਵਿਖੇ ਹੋਈ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੋਹਲ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੇ ਪ੍ਰਬੰਧਕ ਡਾ. ਬਲਵਿੰਦਰ ਸਿੰਘ ਥਿੰਦ ਸਨ।
ਇਸ ਮੌਕੇ ਹੋਈ ਵਿਚਾਰ ਗੋਸ਼ਟੀ ਦੌਰਾਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ, ਜਲੰਧਰ ਦੇ ਪ੍ਰੋਫੈਸਰ ਡਾ. ਸੁਖਪਾਲ ਸਿੰਘ ਥਿੰਦ ਨੇ ਕਿਹਾ ਕਿ ਇਸ ਸਵੈ-ਜੀਵਨੀ ਰਾਹੀਂ ਲੇਖਕ ਨੇ ਆਮ ਜ਼ਿੰਦਗੀ ਨੂੰ ਖ਼ਾਸ ਜ਼ਿੰਦਗੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਪੰਜਾਬੀ ਅਤੇ ਭਾਰਤੀ ਜੀਵਨ ਦੇ ਨਾਲ ਵਿਸ਼ਵੀ ਪੱਧਰ ਦੇ ਪੌਣੀ ਸਦੀ ਦੇ ਇਤਿਹਾਸ ਦੇ ਦਰਸ਼ਨ ਹੁੰਦੇ ਹਨ। ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸੇਵਾਮੁਕਤ ਪ੍ਰੋਫੈਸਰ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਇਹ ਸਵੈ-ਜੀਵਨੀ ਮਾਨਵਵਾਦੀ ਦ੍ਰਿਸ਼ਟੀਕੇਣ ’ਤੇ ਕੇਂਦਰਿਤ ਹੋਣ ਕਰਕੇ ਜ਼ਿੰਦਗੀ ਨਾਲ ਜੂਝਦਿਆਂ ਸਫ਼ਲ ਹੋਣ ਦੀ ਜੁਗਤ ਸਿਖਾਉਂਦੀ ਹੈ। ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਜਰਨੈਲ ਸਿੰਘ ਰਚਿਤ ‘ਸੁਪਨੇ ਅਤੇ ਵਾਟਾਂ’ ਸਵੈ-ਜੀਵਨੀ ਵਿਧਾ ਦੇ ਮਾਪਦੰਡਾਂ ਅਨੁਸਾਰੀ ਹੋਣ ਦੇ ਨਾਲ ਇਸ ਗੱਲ ਦੀ ਪ੍ਰਤੀਤ ਸਹਿਜੇ ਹੁੰਦੀ ਹੈ ਕਿ ਲੇਖਕ ਨੇ ਜ਼ਿੰਦਗੀ ਦੀ ਧਾਰ ਨੂੰ ਤਜਰਬਿਆਂ ਦੀ ਸਾਣ ’ਤੇ ਲਗਾ ਕੇ ਤਿੱਖਾ, ਚਮਕੀਲਾ ਤੇ ਨੁਕੀਲਾ ਕੀਤਾ ਹੈ। ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੀ ਸਹਾਇਕ ਪ੍ਰੋਫੈਸਰ ਡਾ. ਰਵਿੰਦਰ ਕੌਰ ਨੇ ਕਿਹਾ ਇਸ ਪੁਸਤਕ ਵਿਚੋਂ ਜ਼ਿੰਦਗੀ ਨੂੰ ਸਹੀ ਮਾਅਨਿਆਂ ਵਿਚ ਜਿਊਣ ਦੀ ਜੁਗਤ ਹਾਸਲ ਹੁੰਦੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਜੁਗਰਾਜ ਸਿੰਘ, ਡਾ. ਅਮਨਦੀਪ ਕੌਰ ਹੀਰਾ, ਡਾ. ਬਲਜੀਤ ਕੌਰ ਅਤੇ ਸਾਬਕਾ ਡੀ.ਈ.ਓ. ਰੂਪ ਲਾਲ ਨੇ ਵੀ ਵਿਚਾਰ ਚਰਚਾ ਕੀਤੀ।
ਇਸ ਮੌਕੇ ਲੇਖਕ ਜਰਨੈਲ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਮੈਂ ਜ਼ਿੰਦਗੀ ਅਤੇ ਲਿਖਤ ਵਿਚ ਸੰਘਰਸ਼, ਸੁਹਿਰਦਤਾ ਅਤੇ ਸੰਤੁਲਨ ਦੀ ਹਮੇਸ਼ਾ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੂਜੇ ਸਭਿਆਚਾਰਾਂ ਪ੍ਰਤੀ ਮੇਰਾ ਨਜ਼ਰੀਆ ਸਦਭਾਵਨਾ ਵਾਲਾ ਹੈ ਅਤੇ ਆਪਣੀ ਲਿਖਤ ਵਿਚ ਉਲਾਰਪਨ ਤੋਂ ਸੰਕੋਚ ਕੀਤਾ ਹੈ। ਅੰਤ ਵਿਚ ਡਾ. ਲਖਵਿੰਦਰ ਸਿੰਘ ਜੋਹਲ ਨੇ ਕਿਹਾ ਕਿ ਸਾਨੂੰ ਜਰਨੈਲ ਸਿੰਘ ਦੀ ਸ਼ਖ਼ਸੀਅਤ ਅਤੇ ਲਿਖਤਾਂ ਤੋਂ ਸੇਧ ਲੈਣ ਦੀ ਲੋੜ ਹੈ। ਡਾ. ਜੌਹਲ ਨੇ ਪ੍ਰੈੱਸ ਕਲੱਬ ਵਿਚ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਕੈਨੇਡਾ ਵਾਸੀ ਕਹਾਣੀਕਾਰ ਜਰਨੈਲ ਸਿੰਘ ਦਾ ਪਰਿਵਾਰਕ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੇਘੋਵਾਲ ਗੰਜਿਆਂ ਦੇ ਮੱਧਵਰਗੀ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੈ। ਭਾਰਤੀ ਏਅਰਫੋਰਸ ਵਿਚ ਬਤੌਰ ਤਕਨੀਸ਼ੀਅਨ ਵਜੋਂ ਸੇਵਾ ਨਿਭਾਉਂਦਿਆਂ ਸੇਵਾਮੁਕਤ ਹੁੰਦਿਆਂ ਸਹਿਕਾਰੀ ਬੈਂਕ ਵਿਚ ਸੇਵਾਵਾਂ ਨਿਭਾਉਂਦਿਆਂ ਕੈਨੇਡਾ ਸਥਾਪਿਤ ਹੋ ਗਏ ਸਨ, ਜਿੱਥੇ ਉਨ੍ਹਾਂ ਟੋਰਾਂਟੋ ਏਅਰਪੋਰਟ ਵਿਖੇ ਸਕਿਉਰਿਟੀ ਅਫ਼ਸਰ ਦੀ ਨੌਕਰੀ ਕੀਤੀ ਹੈ। ਜਰਨੈਲ ਸਿੰਘ ਦੇ 6 ਮੌਲਿਕ ਕਹਾਣੀ ਸੰਗ੍ਰਹਿ ਅਤੇ ਇਕ ਸੰਪਾਦਿਤ ਕਹਾਣੀ ਸੰਗ੍ਰਹਿ ਹੈ, ਜਿਨ੍ਹਾਂ ਵਿਚ 3 ਕਹਾਣੀ ਸੰਗ੍ਰਹਿ ਭਾਰਤੀ ਜੀਵਨ ਦੌਰਾਨ ਲਿਖੇ ਹਨ ਅਤੇ 3 ਕਹਾਣੀ ਸੰਗ੍ਰਹਿ ‘ਦੋ ਟਾਪੂ’, ‘ਟਾਵਰਜ਼’ ਅਤੇ ‘ਕਾਲ਼ੇ ਵਰਕੇ’ ਪਰਵਾਸੀ ਜੀਵਨ ਅਤੇ ਵਿਸ਼ਵੀ ਸਰੋਕਾਰਾਂ ਨਾਲ ਜੁੜੇ ਹਨ ਜੋ ਕਿ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਸਿਲੇਬਸ ਦਾ ਹਿੱਸਾ ਹਨ।