ਰੋਜ਼ਾਨਾ ਭਾਸਕਰ: ਪਿਛਲੇ 28 ਸਾਲਾਂ ਤੋਂ ਬੇਅੰਤ ਸਿੰਘ ਕਤਲ ਕਾਂਡ ਵਿੱਚ ਬੁੜੈਲ ਜੇਲ ਚੰਡੀਗੜ ਵਿੱਚ ਬੰਦੀ ਸਿੰਘ ਗੁਰਮੀਤ ਸਿੰਘ ਇੰਜੀਨੀਅਰ ਜੋ ਕਿ ਅੰਤਰਿਮ ਜਮਾਨਤ ਤੇ ਬਾਹਰ ਆਏ ਹਨ,ਸਿੱਖ ਤਾਲਮੇਲ ਕਮੇਟੀ ਵੱਲੋਂ ਉਹਨਾਂ ਦੇ ਪਟਿਆਲਾ ਸਥਿਤ ਗੁਰੂ ਨਾਨਕ ਨਗਰ ਨੇੜੇ ਗੁਰਬਖਸ਼ ਨਗਰ ਵਿੱਚ ਉਹਨਾਂ ਦੀ ਮਾਤਾ ਸੁਰਜੀਤ ਕੌਰ ਸਮੇਤ ਦੁਮਾਲੇ ਸਿਰਪਾਓ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਚਾਚਾ ਜੀ ਜਰਨੈਲ ਸਿੰਘ ਅਤੇ ਚਾਚੀ ਜੀਵਨ ਕੌਰ ਵੀ ਹਾਜ਼ਰ ਸਨ। ਸਿੱਖ ਤਾਲਮੇਲ ਕਮੇਟੀ ਵੱਲੋਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਤੇ ਪਰਜਿੰਦਰ ਸਿੰਘ ਸਨਮਾਨਿਤ ਕਰਨ ਲਈ ਪਹੁੰਚੇ ਸਨ, ਇਸ ਮੌਕੇ ਤੇ ਬੋਲਦਿਆਂ ਗੁਰਮੀਤ ਸਿੰਘ ਇੰਜੀਨੀਅਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਨਾਲ ਹੀ ਮੈਂ ਇਨਾ ਸਮਾਂ ਜੇਲ ਵਿੱਚ ਕੱਟ ਸਕਿਆ ਹਾਂ ਉਹਨਾਂ ਨੇ ਵਕੀਲਾਂ ਦਾ ਜੋ ਬੰਦੀ ਸਿੰਘਾਂ ਦੇ ਕੇਸ ਲੜ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਉਹਨਾਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੂੰ ਨੌਜਵਾਨ ਪੀੜੀ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਨੇ, ਸਿੱਖ ਬੱਚਿਆਂ ਵਿੱਚ ਦਸਤਾਰ ਸਜਾਉਣ ਦਾ ਸ਼ੌਂਕ ਪੈਦਾ ਕਰਨ ਦੀ ਲੋੜ ਹੈ ਜਿਸ ਨਾਲ ਅਸੀਂ ਪਤਿਤਪੁਣੇ ਤੋਂ ਨੌਜਵਾਨਾਂ ਨੂੰ ਬਚਾ ਸਕਦੇ ਹਾਂ।
ਇਸ ਮੌਕੇ ਤੇ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਅਤੇ ਪਰਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਦਾ ਮੁੱਖ ਮਕਸਦ ਹੀ ਆਉਣ ਵਾਲੀ ਪੀੜੀ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਨਾ ਹੈ, ਤੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੰਦੀ ਸਿੰਘ ਜੋ ਜੇਲ ਵਿੱਚ ਬੰਦ ਹਨ ਪੈਰੋਲ ਜਾਂ ਜਮਾਨਤ ਤੇ ਬਾਹਰ ਹਨ ਤੁਰੰਤ ਕੇਸ ਵਾਪਸ ਲੈ ਕੇ ਰਿਹਾਈ ਦੇ ਹੁਕਮ ਦੇਵੇ ਤਾਂ ਜੋ ਬੰਦੀ ਸਿੰਘ ਵੀ ਆਪਣੇ ਘਰਾਂ ਵਿੱਚ ਆ ਕੇ ਆਪਣੀ ਜ਼ਿੰਦਗੀ ਜੀਅ ਸਕਣ।