ਰੋਜ਼ਾਨਾ 24 ਨਿਊਜ਼ : ਅੱਜ-ਕੱਲ ਲੋਕਾਂ ਨੂੰ ਖੁਸ਼ ਕਰਨ ਅਤੇ ਫੋਕੀ ਟੌਰ੍ਹ ਬਣਾਉਣ ਲਈ ਲੋਕ ਵਿਆਹਾਂ ‘ਤੇ ਲੱਖਾਂ-ਕਰੋੜਾਂ ਰੁਪਏ ਖ਼ਰਚ ਦਿੰਦੇ ਹਨ। ਇਹੀ ਨਹੀਂ, ਵਿਆਹ ਤੋਂ ਬਾਅਦ ਕੁੜੀ ਦੇ ਮਾਪੇ ਉਸ ਨੂੰ ਗੱਡੀਆਂ ਭਰ-ਭਰ ਕੇ ਦਾਜ ਵੀ ਦਿੰਦੇ ਹਨ। ਕਈ ਲੋਕ ਆਪਣੀ ਮਰਜ਼ੀ ਨਾਲ ਧੀ ਨੂੰ ਦਾਜ ਦਿੰਦੇ ਹਨ, ਜਦਕਿ ਕਈ ਦਾਜ ਦੇ ਲੋਭੀ ਲੋਕ ਖ਼ੁਦ ਆਪਣੇ ਮੂੰਹੋਂ ਕੁੜੀ ਵਾਲਿਆਂ ਦੇ ਪਰਿਵਾਰ ਤੋਂ ਦਾਜ ਮੰਗਦੇ ਹਨ, ਜਿਸ ਕਾਰਨ ਕਈ ਲੋਕਾਂ ਨੂੰ ਕਰਜ਼ਾ ਚੁੱਕ ਕੇ ਵੀ ਕੁੜੀ ਦੇ ਸਹੁਰੇ ਪਰਿਵਾਰ ਨੂੰ ਖੁਸ਼ ਕਰਨ ਲਈ ਦਾਜ ਦਿੱਤਾ ਜਾਂਦਾ ਹੈ।
ਪਰ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁੰਡੇ ਦੇ ਮਾਪਿਆਂ ਨੇ ਦਾਜ ਨਾ ਲੈ ਕੇ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਤੋਂ ਹੋਰ ਵੀ ਲੋਕਾਂ ਨੂੰ ਨਸੀਹਤ ਲੈਣੀ ਚਾਹੀਦੀ ਹੈ।
ਦਸ ਦਈਏ ਕਿ ਰਾਵਾਂ, ਭੁਲੱਥ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਏ.ਐੱਸ.ਆਈ. ਸੇਵਾ ਸਿੰਘ ਤੇ ਪਤਨੀ ਕੁਲਵਿੰਦਰ ਕੌਰ ਨੇ ਆਪਣੇ ਪੁੱਤਰ ਬਬਨਦੀਪ ਸਿੰਘ ਦਾ ਵਿਆਹ ਮਕਸੂਦਾਂ ਦੇ ਨੰਦਨਪੁਰ ਇਲਾਕੇ ਦੇ ਰਹਿਣ ਜਸਬੀਰ ਸਿੰਘ ਦੀ ਧੀ ਨਵਨੀਤ ਕੌਰ ਨਾਲ ਕੀਤਾ ਹੈ। ਜਿੱਥੇ ਉਨ੍ਹਾਂ ਨੇ ਕੁੜੀ ਦੇ ਪਰਿਵਾਰ ਤੋਂ ਕਿਸੇ ਵੀ ਤਰਾਂ ਦਾ ਦਾਜ ਨਹੀਂ ਲਿਆ। ਲਾੜੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਦਾਜ ਮੰਗਣਾ ਇਕ ਮਾੜੀ ਪ੍ਰਥਾ ਹੈ ਤੇ ਲੋਕਾਂ ਨੂੰ ਅੱਜ-ਕੱਲ ਦੇ ਜ਼ਮਾਨੇ ‘ਚ ਪੁਰਾਣੀਆਂ ਤੰਗ ਸੋਚਾਂ ਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਬਾਪ ਸਿਰਫ਼ ਦਾਜ ਦੇਣ ਕਾਰਨ ਧੀ ਜੰਮਣ ਤੋਂ ਨਾ ਡਰੇ।